Thursday, 13 July 2017

ਮੌਨਸੂਨ ਸੀਜ਼ਨ ਦੌਰਾਨ ਜ਼ਿਲਾ ਲੁਧਿਆਣਾ ਵਿੱਚ ਲੱਗਣਗੇ 3.75 ਲੱਖ ਪੌਦੇ: ਪ੍ਰਦੀਪ ਕੁਮਾਰ ਅਗਰਵਾਲ

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਪੌਦਾ ਲਗਾ ਕੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਪੌਦਾ ਲਗਾ ਕੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ
ਲੁਧਿਆਣਾ, 13 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਆਗਾਮੀ ਮੌਨਸੂਨ ਸੀਜ਼ਨ ਦੌਰਾਨ ਜੰਗਲਾਤ ਵਿਭਾਗ ਵੱਲੋਂ ਜ਼ਿਲਾ ਲੁਧਿਆਣਾ ਵਿੱਚ 3.75 ਲੱਖ ਪੌਦੇ ਲਗਾਉਣ ਦਾ ਟੀਚਾ ਹੈ, ਜਿਸ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਆਪਣੇ ਹੱਥੀਂ ਪੌਦਾ ਲਗਾ ਕੇ ਕੀਤੀ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵ) ਸੁਰਭੀ ਮਲਿਕ, ਵਣ ਮੰਡਲ ਅਫ਼ਸਰ ਚਰਨਜੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਸੈਕੰ. ਸਿੱ.) ਚਰਨਜੀਤ ਸਿੰਘ, ਉਪ ਜ਼ਿਲਾ ਸਿੱਖਿਆ ਅਫ਼ਸਰ ਨਾਹਰ ਸਿੰਘ ਅਤੇ ਹੋਰ ਹਾਜ਼ਰ ਸਨ।

ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੌਦੇ ਲਗਾਉਣ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਜ਼ਿਲਾ ਲੁਧਿਆਣਾ ਵਿੱਚ 3.75 ਲੱਖ ਪੌਦੇ ਲਗਾਉਣ ਦਾ ਟੀਚਾ ਹੈ, ਜਿਸ ਵਿੱਚੋਂ 54 ਹਜ਼ਾਰ ਸਕੂਲਾਂ ਅਤੇ ਕਾਲਜਾਂ ਵਿੱਚ ਜਦਕਿ ਬਾਕੀ ਜੰਗਲਾਤ ਖੇਤਰ ਵਿੱਚ ਲਗਾਏ ਜਾਣੇ ਹਨ। ਅੱਜ ਪਹਿਲੇ ਦਿਨ ਪੂਰੇ ਜ਼ਿਲੇ ਵਿੱਚ 30 ਹਜ਼ਾਰ ਪੌਦੇ ਲਗਾਏ ਜਾ ਰਹੇ ਹਨ, ਜਿਸ ਵਿੱਚੋਂ 5000 ਪੌਦੇ ਵਿਦਿਅਕ ਸੰਸਥਾਵਾਂ ਵਿੱਚ ਲੱਗ ਰਹੇ ਹਨ। ਲੱਗਣ ਵਾਲੇ ਪੌਦਿਆਂ ਵਿੱਚ ਮੌਲਸਰੀ, ਨਿੰਮ, ਜਾਮਣ, ਅੰਬ, ਡੇਕ, ਸੁਖਚੈਨ, ਪਿੱਪਲ, ਬੋਹੜ, ਆਵਲਾ, ਇਮਲੀ, ਕਚਨਾਰ, ਅਮਲਤਾਸ, ਗੁਲਮੋਹਰ ਆਦਿ ਸ਼ਾਮਿਲ ਹਨ। ਉਨਾਂ ਵਿਦਿਆਰਥੀਆਂ ਦੇ ਨਾਲ-ਨਾਲ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੀਜ਼ਨ ਦੌਰਾਨ ਪੌਦੇ ਲਗਾਉਣ ਅਤੇ ਇਨਾਂ ਦੀ ਸਾਂਭ ਸੰਭਾਲ ਕਰਨ।

ਵਣ ਮੰਡਲ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਗਲਾਤ ਏਰੀਏ ਵਿੱਚ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਮਹਿਕਮਾ ਆਪ ਕਰੇਗਾ ਅਤੇ ਸਰਕਾਰੀ ਸਕੂਲਾਂ ਕਾਲਜਾਂ ਵਿੱਚ ਲਗਾਏ ਜਾ ਰਹੇ ਬੂਟਿਆਂ ਦੀ ਸਾਂਭ-ਸੰਭਾਲ ਸਕੂਲ ਕਾਲਜਾਂ ਦੇ ਵਿਦਿਆਰਥੀ ਕਰਨਗੇ। ਇਸ ਮੁਹਿੰਮ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਹ ਤੈਅ ਕੀਤਾ ਗਿਆ ਹੈ ਕਿ ਜਿਸ ਸਕੂਲ ਦੇ ਬੂਟੇ ਸਾਲ ਬਾਅਦ ਸਭ ਤੋਂ ਵਧੀਆ ਹੋਣਗੇ, ਉਨਾਂ ਨੂੰ ਜੰਗਲਾਤ ਵਿਭਾਗ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਕ ਰੁੱਖ ਇਕ ਸਾਲ ਵਿਚ ਤਕਰੀਬਨ 22.5 ਕਿਲੋ ਗਰਾਮ ਕਾਰਬਨਡਾਈਔਕਸਾਈਡ ਵਾਤਾਵਰਨ ਵਿੱਚੋਂ ਲੈਂਦਾ ਹੈ ਅਤੇ ਇੰਨੀ ਹੀ ਆਕਸੀਜਨ ਛੱਡਦਾ ਹੈ। ਇਸ ਤਰਾਂ ਜ਼ਿਲਾ ਲੁਧਿਆਣਾ ਵਿੱਚ 3,75,000 ਬੂਟੇ ਲੱਗਣੇ ਹਨ, ਜੋ ਕਿ ਸਾਲਾਨਾ 8437500 ਕਿਲੋਗ੍ਰਾਮ ਕਾਰਬਨਡਾਈਔਕਸਾਈਡ ਲੈ ਕੇ ਆਕਸੀਜਨ ਛੱਡਣਗੇ।
Share This Article with your Friends

0 comments: