Saturday, 17 June 2017

ਚੋਣਵੀਂ ਪੰਜਾਬੀ ਗ਼ਜ਼ਲ ਦੇ ਗਰੰਥ ਨੂੰ ਅੱਠ ਭਾਗਾਂ ਵਿੱਚ ਪ੍ਰਕਾਸ਼ਤ ਕਰਨਾ ਇਤਿਹਾਸਕ ਕਾਰਜ-ਸੁਰਜੀਤ ਪਾਤਰ ਅਤੇ ਗੁਰਭਜਨ ਗਿੱਲ ਵੱਲੋਂ ਸ਼ਲਾਘਾ

ਗ਼ਜ਼ਲ ਗਰੰਥ ਦੀ ਤੀਜੀ ਜ਼ਿਲਦ ਨੂੰ ਲੋਕ ਅਰਪਣ ਕਰਦੇ ਸੰਪਾਦਕ ਰਾਜਿੰਦਰ ਬਿਮਲ ਤੇ ਅਮਨ ਸੀ ਸਿੰਘ ਅਤੇ ਨਾਲ ਸੁਰਜੀਤ ਪਾਤਰ, ਗੁਰਭਜਨ ਗਿੱਲ ਅਤੇ ਹੋਰ ਸਾਹਿਤਕਾਰ
ਲੁਧਿਆਣਾ, 17 ਜੂਨ 2017 (ਮਨੀਸ਼ਾ ਸ਼ਰਮਾਂ): ਪੰਜਾਬੀ ਗ਼ਜ਼ਲ ਦੀ ਸਿਰਜਣਾ ਸ਼ਤਾਬਦੀ ਭਾਵੇਂ ਲੰਘ ਚੁੱਕੀ ਹੈ ਪਰ ਇਸ ਦੀ ਇਤਿਹਾਸ ਰੇਖਾ ਤੇ ਨਿਸ਼ਚਤ ਸਰੂਪ ਜਾਨਣ ਲਈ ਕਿਸੇ ਯੂਨੀਵਰਸਿਟੀ ਜਾਂ ਸਾਹਿੱਤ ਖੋਜ ਅਦਾਰੇ ਨੇ ਦਸਤਾਵੇਜੀ ਕੰਮ ਨਹੀਂ ਕੀਤਾ। ਇਸ ਕੰਮ ਨੂੰ ਉੱਘੇ ਸੰਪਾਦਕ ਰਾਜਿੰਦਰ ਬਿਮਲ ਤੇ ਅਮਨ ਸੀ ਸਿੰਘ ਨੇ ਪੰਜਾਬੀ ਗ਼ਜ਼ਲ ਦੇ ਰੰਗ ਨਾਮ ਹੇਠ ਅੱਠ ਜਿਲਦਾਂ 'ਚ ਗ਼ਜ਼ਲ ਗਰੰਥ ਪ੍ਰਕਾਸ਼ਨ ਦਾ ਕਾਰਜ ਆਰੰਭਿਆ ਹੈ ਅਤੇ ਪਹਿਲੀਆਂ ਤਿੰਨ ਜ਼ਿਲਦਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਦੇਸ਼ ਵਿਦੇਸ਼ 'ਚ ਵੱਸਦੇ ਸਾਹਿੱਤ ਪ੍ਰੇਮੀਆਂ ਦੇ ਸਹਿਯੋਗ ਨਾਲ ਪ੍ਰਕਾਸ਼ਤ ਹੋ ਰਹੇ ਇਸ ਗ਼ਜ਼ਲ ਗਰੰਥ ਦੀ ਤੀਜੀ ਜ਼ਿਲਦ ਨੂੰ ਲੋਕ ਅਰਪਣ ਕਰਦਿਆਂ ਪੰਜਾਬੀ ਸਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ ਤੇ ਗੁਰਭਜਨ ਗਿੱਲ ਨੇ ਕਿਹਾ ਕਿ ਇਸ ਮੁੱਲਵਾਨ ਕਾਰਜ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਕੁਕਨੂਸ ਪ੍ਰਕਾਸ਼ਨ ਜਲੰਧਰ ਵੱਲੋਂ ਪ੍ਰਕਾਸ਼ਤ ਇਸ ਗਰੰਥ ਦੇ ਸੰਪਾਦਕਾਂ ਰਾਜਿੰਦਰ ਬਿਮਲ ਤੇ ਅਮਨ ਸੀ ਸਿੰਘ ਨੇ ਲੁਧਿਆਣਾ ਵਿੱਚ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਲੋਕ ਅਰਪਣ ਸਮਾਗਮ ਮੌਕੇ ਕਿਹਾ ਕਿ ਪੰਜਾਬੀ ਗ਼ਜ਼ਲ ਦੇ ਸਮੁੱਚ ਨੂੰ ਪੇਸ਼ ਕਰਨ ਤੋਂ ਬਾਅਦ ਉਹ ਪੰਜਾਬੀ ਦੀਆਂ ਹੋਰ ਵਿਧਾਵਾਂ ਦਾ ਚੋਣਵਾਂ ਸਾਹਿੱਤ ਪ੍ਰਕਾਸ਼ਤ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ।

ਇਸ ਸਮਾਗਮ ਵਿੱਚ ਸਵਰਨਜੀਤ ਸਵੀ (ਆਰਟਕੇਵ), ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਪ੍ਰੋ: ਰਵਿੰਦਰ ਭੱਠਲ ਤੇ ਅਮਨਦੀਪ ਸਿੰਘ ਫੱਲੜ ਨੇ ਸੰਪਾਦਕੀ ਟੀਮ ਨੂੰ ਵਧਾਈ ਦੇਣ ਦੇ ਨਾਲ ਵਿਸ਼ਵਾਸ ਵੀ ਦਿਵਾਇਆ ਕਿ ਉਹ ਇਸ ਉਪਰਾਲੇ ਨੂੰ ਤਨ ਮਨ ਤੇ ਧਨ ਨਾਲ ਸਹਿਯੋਗ ਦੇਣਗੇ ਕਿਉਂਕਿ ਇਹ ਵਕਤ ਨੂੰ ਜੁਆਬਦੇਹੀ ਦਾ ਮਸਲਾ ਹੈ।

ਰਾਜਿੰਦਰ ਬਿਮਲ ਨੇ ਪੰਜਾਬੀ ਗ਼ਜ਼ਲ ਗਰੰਥ ਦੇ ਭਾਗ ਦੂਜਾ ਤੇ ਤੀਜਾ ਦੀ ਜਿਲਦ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਚਾਂਸਲਰ ਤੇ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਨੂੰ ਭੇਂਟ ਕਰਕੇ ਅਸ਼ੀਰਵਾਦ ਲਿਆ।
Share This Article with your Friends

0 comments: